1. ਮੁੱਖ ਪੰਨਾ
  2. ਰਾਜਨੀਤੀ
  3. ਸੰਗਠਿਤ ਅਪਰਾਧ

ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਪੁਲਿਸ ਨੇ ਕੀਤੀਆਂ ਗ੍ਰਿਫ਼ਤਾਰੀਆਂ

18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ

ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੈਨੇਡੀਅਨ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ: (Ben Nelms/CBC)

RCI

ਸੀਬੀਸੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਕੈਨੇਡੀਅਨ ਪੁਲਿਸ ਨੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ।

ਸ਼ੁੱਕਰਵਾਰ ਨੂੰ ਸਰੀ ਦੀ ਇੱਕ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਅਨੁਸਾਰ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਨਿੱਝਰ ਕੇਸ ਵਿੱਚ ਪਹਿਲੇ ਦਰਜੇ ਦੇ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੋਏ ਹਨ।

ਜਾਂਚ ਦੇ ਨਜ਼ਦੀਕੀ ਸੂਤਰਾਂ ਨੇ ਸੀਬੀਸੀ ਨਿਊਜ਼ ਨੂੰ ਇਹ ਵੀ ਦੱਸਿਆ ਕਿ ਪੁਲਿਸ ਕੈਨੇਡਾ ਵਿੱਚ ਤਿੰਨ ਹੋਰ ਕਤਲਾਂ ਦੇ ਸੰਭਾਵੀ ਸਬੰਧਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ, ਜਿਸ ਵਿੱਚ ਐਡਮੰਟਨ ਵਿੱਚ ਇੱਕ 11 ਸਾਲਾ ਲੜਕੇ ਦਾ ਗੋਲੀ ਮਾਰ ਕੇ ਕੀਤਾ ਕਤਲ ਵੀ ਸ਼ਾਮਲ ਹੈ।

ਸੂਤਰਾਂ ਅਨੁਸਾਰ, ਇਸ ਹਿੱਟ ਸਕੁਐਡ (ਹਮਲਾਵਰ ਟੋਲੇ) ਦੇ ਮੈਂਬਰਾਂ 'ਤੇ ਦੋਸ਼ ਹੈ ਕਿ ਜਿਸ ਦਿਨ ਨਿੱਝਰ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਮਾਰਿਆ ਗਿਆ ਸੀ, ਉਸ ਦਿਨ ਇਸ ਸੁਐਡ ਦੇ ਮੈਂਬਰਾਂ ਨੇ ਸ਼ੂਟਰ, ਡਰਾਈਵਰ ਅਤੇ ਨਜ਼ਰ ਰੱਖਣ ਵਾਲੀਆਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ।

ਇਨ੍ਹਾਂ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਘੱਟੋ-ਘੱਟ ਦੋ ਸੂਬਿਆਂ ਵਿੱਚ ਪੁਲਿਸ ਕਾਰਵਾਈਆਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਇਸ ਹਿੱਟ ਸਕੁਐਡ ਦੇ ਮੈਂਬਰਾਂ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ।

ਸੀਬੀਸੀ ਨਿਊਜ਼ ਨੂੰ ਸੀਨੀਅਰ ਸਰਕਾਰੀ ਸੂਤਰਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਕੋਲੋਂ ਇਹ ਜਾਣਕਾਰੀ ਮਿਲੀ ਹੈ। ਸੂਤਰਾਂ ਨੇ ਸੀਬੀਸੀ ਨਾਲ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ ਹੈ। ਸਿੱਖ ਭਾਈਚਾਰੇ ਦੇ ਸੂਤਰਾਂ ਨੇ ਆਪਣੀ ਨਿੱਜੀ ਸੁਰੱਖਿਆ ਬਾਰੇ ਚਿੰਤਾ ਦਾ ਹਵਾਲਾ ਦਿੱਤਾ ਸੀ, ਇਸ ਕਰਕੇ ਸੀਬੀਸੀ ਉਨ੍ਹਾਂ ਦੀ ਪਛਾਣ ਨਸ਼ਰ ਨਹੀਂ ਕਰ ਰਿਹਾ।

ਭਾਰਤ ਦੇ ਬਦਲਦੇ ਰਿਸਪਾਂਸ

45 ਸਾਲ ਦੇ ਹਰਦੀਪ ਸਿੰਘ ਨਿੱਝਰ ਦਾ 18 ਜੂਨ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਾਰਕਿੰਗ ਲੌਟ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸੀਬੀਸੀ ਦੀ ਦ ਫ਼ਿਫ਼ਥ ਸਟੇਟ ਲਈ ਬਣੀ ਦਸਤਾਵੇਜ਼ੀ ਦਰਸਾਉਂਦੀ ਹੈ ਕਿ ਇਹ ਕਤਲ ਬਹੁਤ ਗਿਣਮਿੱਥ ਕੇ ਅਤੇ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ ਸੀ।

ਪਿਛਲੇ ਅਗਸਤ ਵਿਚ ਕੈਨੇਡੀਅਨ ਅਧਿਕਾਰੀਆਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੁਮਾਇੰਦਿਆਂ ਨੂੰ ਦੱਸਿਆ ਸੀ ਕਿ ਕੈਨੇਡਾ ਕੋਲ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਸ਼ਮੂਲੀਅਤ ਬਾਰੇ ਖ਼ੂਫ਼ੀਆ ਜਾਣਕਾਰੀ ਹੈ।

ਇੱਕ ਮਹੀਨੇ ਬਾਅਦ, 18 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਹਾਊਸ ਔਫ਼ ਕੌਮਨਜ਼ ਵਿਚ ਕਿਹਾ ਸੀ ਕਿ, ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਨਿੱਝਰ ਦੀ ਹੱਤਿਆ ਵਿਚਕਾਰ ਸੰਭਾਵੀ ਸਬੰਧ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਪੈਰਵੀ ਕਰ ਰਹੀਆਂ ਹਨ

ਟ੍ਰੂਡੋ ਨੇ ਕਿਹਾ ਸੀ, ਕੈਨੇਡੀਅਨ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਦੀ ਕੋਈ ਵੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ

ਮੋਦੀ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਇਸ ਤਰ੍ਹਾਂ ਦੀਆਂ ਹੱਤਿਆਵਾਂ ਜਾਂ ਹੱਤਿਆ ਦੀਆਂ ਸਾਜ਼ਿਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੈਨੇਡੀਅਨ ਇਲਜ਼ਾਮਾਂ ਨੂੰ ’ਬੇਤੁਕਾ’ ਆਖਿਆ ਸੀ ਅਤੇ ਕੈਨੇਡਾ ‘ਤੇ ਹਿੰਸਕ ਤੱਤਾਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਸੀ।

27 ਸਤੰਬਰ ਨੂੰ ਜੈਸ਼ੰਕਰ ਦਾ ਲਹਿਜਾ ਕੁਝ ਆਪਣਾ ਬਚਾਅ ਕਰਨ ਵਾਲਾ ਜਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਕੈਨੇਡੀਅਨਜ਼ ਨੂੰ ਕਹਿ ਦਿੱਤਾ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ

ਦਸੰਬਰ ਵਿਚ ਅਮਰੀਕਾ ਦੀ ਇੱਕ ਅਦਾਲਤ ਵਿਚ ਦਾਇਰ ਸਰਕਾਰੀ ਦਸਤਾਵੇਜ਼ਾਂ ਵਿਚ ਇੱਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਦੀ ਸ਼ਮੂਲੀਅਤ ਉਜਾਗਰ ਹੋਣ ਤੋਂ ਬਾਅਦ ਜੈਸ਼ੰਕਰ ਨੇ ਇੱਕ ਹੋਰ ਬਿਆਨ ਦਿੱਤਾ।

ਉਨ੍ਹਾਂ ਕਿਹਾ, ਅਸੀਂ ਹਮੇਸ਼ਾ ਕਿਹਾ ਹੈ ਕਿ ਜੇਕਰ ਕਿਸੇ ਦੇਸ਼, ਨਾ ਸਿਰਫ਼ ਕੈਨੇਡਾ, ਨੂੰ ਕੋਈ ਚਿੰਤਾ ਹੈ ਅਤੇ ਉਹ ਸਾਨੂੰ ਉਸ ਚਿੰਤਾ ਦਾ ਕੋਈ ਆਧਾਰ ਜਾਂ ਕੋਈ ਜਾਣਕਾਰੀ ਦਿੰਦਾ ਹੈ, ਤਾਂ ਅਸੀਂ ਇਸ ਬਾਰੇ ਘੋਖਣ ਲਈ ਹਮੇਸ਼ਾ ਤਿਆਰ ਹਾਂ

ਬਲੂਮਬਰਗ ਨੇ ਮਾਰਚ ਵਿਚ ਇੱਕ ਖ਼ਬਰ ਛਾਪੀ ਸੀ ਕਿ ਭਾਰਤ ਸਰਕਾਰ ਨੇ ਅਮਰੀਕਾ ਨੂੰ ਇੱਕ ਰਿਪੋਰਟ ਸੌਂਪੀ ਸੀ ਜਿਸ ਵਿਚ ਭਾਰਤ ਸਰਕਾਰ ਨੇ ਸਵੀਕਾਰ ਕੀਤਾ ਸੀ ਕਿ ਅਮਰੀਕਾ ਵਿਚ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਏਜੰਟਸ ਸ਼ਾਮਲ ਸਨ, ਪਰ ਦਾਅਵਾ ਕੀਤਾ ਗਿਆ ਸੀ ਕਿ ਉਹ Rogue Agent ਸਨ, ਯਾਨੀ ਕਿ ਉਹ ਉਨ੍ਹਾਂ ਏਜੰਟਾਂ ਦੀ ਮਨਮਾਨੀ ਸੀ।

ਇਸ ਪੜਾਅ 'ਤੇ ਕੈਨੇਡਾ ਦੀ ਜਾਂਚ ਦੇ ਤਫ਼ਤੀਸ਼ਕਾਰਾਂ ਵੱਲੋਂ ਨਿੱਝਰ ਦੇ ਕਥਿਤ ਕਾਤਲਾਂ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਕਿਸੇ ਸੰਭਾਵੀ ਸਬੰਧਾਂ 'ਤੇ ਵਿਸਥਾਰ ਕਰਨ ਦੀ ਸੰਭਾਵਨਾ ਨਹੀਂ ਹੈ।

ਹਾਲਾਂਕਿ, ਐਤਵਾਰ ਨੂੰ ਕੈਨੇਡੀਅਨ ਪੰਜਾਬੀ ਮੀਡੀਆ ਨਾਲ ਇੱਕ ਗੋਲਮੇਜ਼ (ਨਵੀਂ ਵਿੰਡੋ) ਦੌਰਾਨ, ਟ੍ਰੂਡੋ ਨੇ ਕਿਹਾ ਕਿ ਖੁਫੀਆ ਅਤੇ ਪੁਲਿਸ ਏਜੰਸੀਆਂ ਦੁਆਰਾ ਕੰਮ ਜਾਰੀ ਹੈ।

ਟ੍ਰੂਡੋ ਨੇ ਕਿਹਾ ਸੀ, ਇਹ ਬਹੁਤ ਵਧੀਆ ਅਤੇ ਸਖ਼ਤ ਕੰਮ ਹੈ। ਅਤੇ ਜਦੋਂ ਉਨ੍ਹਾਂ ਲਈ ਜਾਂਚ ਨੂੰ ਪੂਰਾ ਕਰਨ ਦਾ ਸਮਾਂ ਆਵੇਗਾ, ਤਾਂ ਕੁਝ ਬਹੁਤ, ਬਹੁਤ ਸਪੱਸ਼ਟ ਚੀਜ਼ਾਂ ਹੋਣਗੀਆਂ ਜੋ ਭਾਰਤ ਸਮੇਤ ਦੁਨੀਆ ਭਰ ਵਿੱਚ ਹਰ ਕੋਈ ਦੇਖੇਗਾ ਜਿਸ ਵਿਚ ਜ਼ਿੰਮੇਵਾਰੀਆਂ ਅਤੇ ਸ਼ਮੂਲੀਅਤ ਦੀ ਗੱਲ ਹੋਵੇਗੀ

ਭਾਰਤ ਵਿਚ ਸੂਚੀਬੱਧ ਹੋਣ ਤੋਂ ਅਗਲੇ ਦਿਨ ਕਤਲ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਲਾਏ ਵਿਸਫ਼ੋਟਕ ਇਲਜ਼ਾਮਾਂ ਤੋਂ ਦੋ ਦਿਨ ਬਾਅਦ - 20 ਸਤੰਬਰ ਨੂੰ ਪੁਲਿਸ ਨੂੰ ਸੁਖਦੂਲ ਸਿੰਘ ਗਿੱਲ, ਉਰਫ਼ ਸੁੱਖਾ ਦੁਨੇਕੇ ਵਿਨੀਪੈਗ ਦੇ ਇੱਕ ਘਰ ਵਿਚ ਮ੍ਰਿਤਕ ਮਿਲੀਆ ਸੀ।

ਸੁਖਦੂਲ ਉਰਫ਼ ਸੁੱਖਾ ਦੁਨੇਕੇ ਕਥਿਤ ਤੌਰ ‘ਤੇ ਬੰਬੀਹਾ ਗੈਂਗ ਨਾਲ ਸਬੰਧਤ ਸੀ। ਉਸ ਉੱਪਰ ਫ਼ਿਰੌਤੀ ਅਤੇ ਗੈਂਗਸਟਰਾਂ ਲਈ ਹਥਿਆਰਾਂ ਦਾ ਬੰਦੋਬਸਤ ਦੇ ਇਲਜ਼ਾਮ ਸਨ। ਕਈ ਕਤਲਾਂ ਦੇ ਨਾਲ ਵੀ ਸੁੱਖਾ ਦੁਨੇਕੇ ਦਾ ਨਾਮ ਜੁੜਿਆ ਹੈ।

20 ਸਤੰਬਰ ਨੂੰ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦਾ ਵਿੀਪੈਗ ਵਿਚ ਕਤਲ ਕਰ ਦਿੱਤਾ ਗਿਆ ਸੀ।

20 ਸਤੰਬਰ 2023 ਨੂੰ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦਾ ਵਿਨੀਪੈਗ ਵਿਚ ਕਤਲ ਕਰ ਦਿੱਤਾ ਗਿਆ ਸੀ।

ਤਸਵੀਰ:  (NIA India/X)

ਦਸ ਦਈਏ ਕਿ ਮਸ਼ਹੂਰ ਪੰਜਾਬੀ ਗਾਇੱਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਬੰਬੀਹਾ ਗੈਂਗ ਦਾ ਨਾਂ ਖ਼ਬਰਾਂ ਵਿਚ ਰਿਹਾ ਸੀ।

ਭਾਰਤੀ ਮੀਡੀਆ ਅਨੁਸਾਰ ਸੁਖਦੂਲ ਕਥਿਤ ਤੌਰ ‘ਤੇ ਪੁਲਿਸ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਸਪੋਰਟ ਬਣਵਾਕੇ 2017 ਵਿਚ ਭਾਰਤ ਤੋਂ ਕੈਨੇਡਾ ਆਇਆ ਸੀ।

ਉਹ ਭਾਰਤ ਸਰਕਾਰ ਦੀ ਵੀ ਰਡਾਰ ‘ਤੇ ਸੀ।

ਜਿਸ ਦਿਨ ਸੁਖਦੂਲ ਮਾਰਿਆ ਗਿਆ ਸੀ, ਉਸ ਤੋਂ ਇੱਕ ਦਿਨ ਪਹਿਲਾਂ ਉਸਦਾ ਨਾਮ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਜਾਰੀ ਵਾਂਟੇਡ ਸੂਚੀ ਵਿਚ ਵੀ ਸਾਹਮਣੇ ਆਇਆ ਸੀ। ਇਸ ਵਿਚ ਸੁਖਦੂਲ ਦੇ ਖ਼ਾਲਿਸਤਾਨ ਟਾਈਗਰ ਫ਼ੋਰਸ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਸੀ। ਭਾਰਤ ਵੱਲੋਂ ਪਹਿਲਾਂ ਨਿੱਝਰ ‘ਤੇ ਵੀ ਇਸੇ ਸੰਗਠਨ ਦਾ ਮੈਂਬਰ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਪਿਓ ਪੁੱਤ ਦਾ ਕਤਲ

ਸੁਖਦੂਲ ਦੇ ਕਤਲ ਦੇ ਛੇ ਹਫ਼ਤਿਆਂ ਬਾਅਦ ਹਰਪ੍ਰੀਤ ਸਿੰਘ ਉੱਪਲ ਨਾਂ ਦੇ ਵਿਅਕਤੀ, ਜੋ ਕਿ ਇੱਕ ਨਾਮੀ ਗੈਂਗ ਮੈਂਬਰ ਸੀ ਅਤੇ ਉਸਦੇ ਗਿਆਰਾਂ ਸਾਲ ਦੇ ਬੇਟੇ ਦਾ ਕਤਲ ਹੋ ਗਿਆ ਸੀ।

9 ਨਵੰਬਰ 2023 ਨੂੰ ਐਡਮੰਟਨ ਦੇ ਇੱਕ ਸ਼ੌਪਿੰਗ ਏਰੀਆ ਵਿਚ ਗੱਡੀ ਚ ਬੈਠੇ ਉਪੱਲ ਅਤੇ ਉਸਦੇ ਬੇਟੇ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਵਾਹਨ ਵਿਚ ਦੋ ਬੱਚੇ ਸਨ, ਇੱਕ ਹਰਪ੍ਰੀਤ ਦਾ ਬੇਟਾ ਅਤੇ ਇੱਕ ਉਸਦਾ ਦੋਸਤ। ਪਰ ਹਰਪ੍ਰੀਤ ਅਤੇ ਉਸਦੇ ਬੇਟੇ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ।

ਪੁਲਿਸ ਅਨੁਸਾਰ ਹਰਪ੍ਰੀਤ ਦਾ ਬੇਟਾ ਗੋਲੀਬਾਰੀ ਦਾ ਅਚਾਨਕ ਸ਼ਿਕਾਰ ਨਹੀਂ ਹੋਇਆ ਸਗੋਂ ਉਸਨੂੰ ਬਾਕਾਇਦਾ ਟਾਰਗੇਟ ਕੀਤਾ ਗਿਆ ਸੀ।

ਸੁਖਦੂਲ ਅਤੇ ਹਰਪ੍ਰੀਤ ਦੇ ਕਤਲਾਂ ਦੇ ਮਾਮਲਿਆਂ ਵਿਚ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ ਹੈ।

ਬਿਸ਼ਨੋਈ ਗੈਂਗ

ਸੂਤਰਾਂ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਨਿੱਝਰ ਦੀ ਹੱਤਿਆ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਵਿਅਕਤੀ ਭਾਰਤੀ ਨਾਗਰਿਕ ਹਨ ਜੋ 2021 ਤੋਂ ਬਾਅਦ ਟੈਂਪੋਰੈਰੀ ਵੀਜ਼ਿਆਂ 'ਤੇ ਕੈਨੇਡਾ ਆਏ ਸਨ, ਜਿਨ੍ਹਾਂ ਵਿੱਚੋਂ ਕੁਝ ਕੋਲ ਵਿਦਿਆਰਥੀ ਵੀਜ਼ਾ ਸਨ। ਮੰਨਿਆ ਜਾਂਦਾ ਹੈ ਕਿ ਕੈਨੇਡਾ ਵਿੱਚ ਰਹਿੰਦਿਆਂ ਕਿਸੇ ਨੇ ਵੀ ਸਿੱਖਿਆ ਹਾਸਲ ਨਹੀਂ ਕੀਤੀ। ਕਿਸੇ ਨੇ ਵੀ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਨਹੀਂ ਕੀਤੀ।

ਜਾਂਚ ਨਾਲ ਨਜ਼ਦੀਕੀ ਤੌਰ ‘ਤੇ ਜੁੜੇ ਸੂਤਰਾਂ ਨੇ ਦੱਸਿਆ ਕਿ ਸਾਰੇ ਗ੍ਰਿਫ਼ਤਾਰ ਕੀਤੇ ਵਿਅਕਤੀ, ਪੰਜਾਬੀ ਗੈਂਗਸਟਰ ਲੌਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ। ਬਿਸ਼ਨੋਈ ਇਸ ਸਮੇਂ ਅਹਿਮਦਾਬਾਦ ਦੀ ਸਾਬਰਮਤੀ ਜੇਲ ਵਿਚ ਬੰਦ ਹੈ।

ਬਿਸ਼ਨੋਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਡਰੱਗਜ਼ ‘ਤੇ ਫ਼ਿਰੌਤੀਆਂ ਨਾਲ ਸਬੰਧਤ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ, ਬਿਸ਼ਨੋਈ ਉਨ੍ਹਾਂ ਦੋ ਜੇਲ ਵਿਚ ਬੰਦ ਕੀਤੇ ਗੈਂਗਸਟਰਾਂ ਵਿਚੋਂ ਇੱਕ ਹੈ ਜਿਹਨਾਂ ਨੇ ਸਤੰਬਰ ਵਿਚ ਸੋਸ਼ਲ ਮੀਡੀਆ ਉੱਪਰ ਸੁਖਦੂਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਇਸ ਕਤਲ ਨੂੰ ਬਦਲੇ ਲਈ ਕੀਤਾ ਕਤਲ ਦੱਸਿਆ ਸੀ।

ਅਮਰੀਕੀ ਦਸਤਾਵੇਜ਼ਾਂ ਅਤੇ ਕੈਨੇਡੀਅਨ ਜਾਂਚਕਰਤਾਵਾਂ ਦੇ ਅਨੁਸਾਰ, ਭਾਰਤ ਸਰਕਾਰ ਨੇ ਅਮਰੀਕਾ ਅਤੇ ਕੈਨੇਡਾ ਵਿਚ ਆਪਣੇ ਦੁਸ਼ਮਨਾਂ, ਜਿਵੇਂ ਹਰਦੀਪ ਸਿੰਘ ਨਿੱਝਰ ਅਤੇ ਗੁਰਪਤਵੰਤ ਸਿੰਘ ਪੰਨੂੰ, ਨੂੰ ਟਾਰਗੇਟ ਕਰਨ ਲਈ ਅਜਿਹੇ ਅਪਰਾਧਕ ਗਿਰੋਹਾਂ ਦਾ ਸਹਾਰਾ ਲਿਆ ਸੀ।

ਸਰਕਾਰਾਂ ਅਤੇ ਗੈਂਗਸਟਰ

ਜਾਂਚ ਨਾਲ ਜੁੜੇ ਇੱਕ ਨਜ਼ਦੀਕੀ ਸੂਤਰ ਨੇ ਸੀਬੀਸੀ ਨੂੰ ਦੱਸਿਆ ਕਿ ਕੈਨੇਡਾ ਵਿਦੇਸ਼ੀ ਸਰਕਾਰਾਂ, ਜਿਸ ਵਿਚ ਭਾਰਤ ਵੀ ਸ਼ਾਮਲ ਹੈ, ਵੱਲੋਂ ਅੰਤਰਰਾਸ਼ਟਰੀ ਓਪਰੇਸ਼ਨਾਂ ਵਿਚ ਅਪਰਾਧਕ ਤੱਤਾਂ ਦਾ ਇਸਤੇਮਾਲ ਦੇਖ ਰਿਹਾ ਹੈ।

ਜਾਂਚਕਰਤਾ ਨੇ ਕਿਹਾ, ਭਾਰਤ ਸਰਕਾਰ ਨੂੰ ਆਪਣੇ ਬੰਦੇ ਭੇਜਣ ਦਾ ਜੋਖਮ ਕਿਉਂ ਹੋਵੇ ਜਦੋਂ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਵਰਤਿਆ ਜਾ ਸਕਦਾ ਹੋਵੇ?

ਭਾਵੇਂ ਜਾਂਚ ਵਿਚ ਨਿੱਝਰ ਦੀ ਹੱਤਿਆ ਅਤੇ ਸੁਖਦੂਲ ਤੇ ਹਰਪ੍ਰੀਤ ਦੇ ਕਤਲਾਂ ਵਿਚ ਸੰਭਾਵੀ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਤਫ਼ਤੀਸ਼ਕਾਰਾਂ ਨੂੰ ਨਹੀਂ ਲੱਗਦਾ ਕਿ ਬਾਅਦ ਦੇ ਦੋ ਮਾਮਲਿਆਂ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ।

ਤਫ਼ਤੀਸ਼ਕਾਰਾਂ ਦਾ ਕਹਿਣਾ ਹੈ ਕਿ ਐਡਮੰਟਨ ਅਤੇ ਵਿਨੀਪੈਗ ਵਿਚ ਹੋਏ ਕਤਲ ਗੈਂਗ ਹਿੰਸਾ ਅਤੇ ਬਦਲੇ ਨਾਲ ਸਬੰਧਤ ਘਟਨਾਵਾਂ ਹੋ ਸਕਦੀਆਂ ਹਨ।

ਅਮਰੀਕਾ ਵਿਚ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼

ਅਮਰੀਕਾ ਵਿਚ ਦੋਸ਼ ਲਗਾਇਆ ਗਿਆ ਕਿ ਇੱਕ ਭਾਰਤੀ ਸਰਕਾਰੀ ਮੁਲਾਜ਼ਮ ਨੇ ਉੱਤਰੀ ਅਮਰੀਕਾ ਵਿੱਚ ਆਪਣੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਅਪਰਾਧੀ ਨੂੰ ਕਾਂਟ੍ਰੈਕਟ ਦਿੱਤਾ ਸੀ।

30 ਜੂਨ 2023 ਨੂੰ ਚੈੱਕ ਅਧਿਕਾਰੀਆਂ ਨੇ ਅਮਰੀਕੀ ਵਾਰੰਟ ‘ਤੇ ਕਾਰਵਾਈ ਕਰਦਿਆਂ ਇੱਕ ਭਾਰਤੀ ਡਰੱਗ ਤਸਕਰ ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ। ਸਰਕਾਰੀ ਦਸਤਾਵੇਜ਼ਾਂ ਵਿਚ 30 ਨਵੰਬਰ ਨੂੰ ਨਿਖਿਲ ਗੁਪਤਾ ਉੱਪਰ ਇੱਕ ਸਿੱਖ ਵੱਖਵਾਦੀ ਦੇ ਅਮਰੀਕਾ ਦੀ ਧਰਤੀ ‘ਤੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨੇ ਇਸ ਕਤਲ ਦੀ ਇਸ ਅਸਫਲ ਸਾਜ਼ਿਸ਼ ਦੇ ਨਿਰਦੇਸ਼ ਦਿੱਤੇ ਸਨ।

ਗੁਪਤਾ ਨੂੰ ਨਹੀਂ ਪਤਾ ਸੀ ਕਿ ਜਿਸ ਵਿਅਕਤੀ ਨੂੰ ਉਹ ਕਤਲ ਕਰਨ ਲਈ ਕਾਂਟ੍ਰੈਕਟ ਦੇ ਰਿਹਾ ਸੀ ਉਹ ਦਰਅਸਲ ਅਮਰੀਕਾ ਦੇ ਡਰੱਗ ਐਨਫ਼ੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਮੁਖ਼ਬਿਰ ਸੀ। ਗੁਪਤਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਇਸ ਸਮੇਂ ਉਹ ਅਮਰੀਕਾ ਨੂੰ ਹਵਾਲਗੀ ਦਾ ਸਾਹਮਣਾ ਕਰ ਰਿਹਾ ਹੈ। 

ਅਮਰੀਕੀ ਦੋਸ਼ਨਾਮੇ ਵਿਚ ਕੈਨੇਡੀਅਨ ਮਾਮਲਿਆਂ ਦਾ ਵੀ ਜ਼ਿਕਰ ਹੈ। ਇਸ ਵਿਚ ਇਲਜ਼ਾਮ ਲਗਾਇਆ ਗਿਆ ਹੈ ਕਿ ਇੱਕ ਗੁਮਨਾਮ ਭਾਰਤੀ ਸਰਕਾਰੀ ਮੁਲਾਜ਼ਮ ਨੇ ਨਿਖਿਲ ਗੁਪਤਾ ਨੂੰ ਕਿਹਾ ਸੀ ਕਿ ਨਿੱਝਰ ਦੇ ਕਤਲ ਨੇ ਅਮਰੀਕਾ ਵਿਚ ਕਤਲ ਕੀਤੇ ਜਾਣ ਦੀ ਸਮਾ-ਸਾਰਣੀ ਨੂੰ ਛੋਟਾ ਕਰ ਦਿੱਤਾ ਹੈ ਭਾਵ ਕਾਰਵਾਈ ਨੂੰ ਜਲਦੀ ਅੰਜਾਮ ਦੇਣਾ ਪੈਣਾ ਸੀ।

ਨਿਖਿਲ ਨੇ ਸ਼ੂਟਰ ਨੂੰ ਨਿੱਝਰ ਦੀ ਲਾਸ਼ ਦੀ ਵੀਡੀਓ ਵੀ ਭੇਜੀ ਸੀ ਅਤੇ ਜਲਦ ਤੋਂ ਜਲਦ ਕੰਮ ਪੂਰਾ ਕਰਨ ਲਈ ਆਖਿਆ ਸੀ।

10 ਸਤੰਬਰ 2023 ਨੂੰ ਦਿੱਲੀ ਵਿਚ ਜੀ-20 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

10 ਸਤੰਬਰ 2023 ਨੂੰ ਦਿੱਲੀ ਵਿਚ ਜੀ-20 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

ਤਸਵੀਰ: AP / Sean Kilpatrick

ਸੰਵੇਦਨਸ਼ੀਲ ਸਮਾਂ

ਪ੍ਰਧਾਨ ਮੰਤਰੀ ਟ੍ਰੂਡੋ ਅਤੇ ਅਮਰੀਕੀ ਅਧਿਕਾਰੀ ਭਾਰਤ ਸਰਕਾਰ ‘ਤੇ ਉੰਗਲ ਉਠਾ ਚੁੱਕੇ ਹਨ, ਪਰ ਕੈਨੇਡੀਅਨ ਜਾਂਚਕਰਤਾ ਇਹ ਸਥਾਪਿਤ ਕਰਨ ਲਈ ਜੂਝ ਰਹੇ ਹਨ ਕਿ ਉਹ ਭਾਰਤ ਸਰਕਾਰ ਦੇ ਕਿਹੜੇ ਪੱਧਰ ਤੱਕ ਇਲਜ਼ਾਮਾਂ ਨੂੰ ਅੱਗੇ ਵਧਾਉਣ।

ਜਾਂਚਕਰਤਾ ਬਹੁਤ ਪਹਿਲਾਂ ਹੀ ਉਸ ਤਰਕ ਨੂੰ ਰੱਦ ਕਰ ਚੁੱਕੇ ਹਨ ਕਿ ਭਾਰਤ ਦੀਆਂ ਵਿਦੇਸ਼ਾਂ ਵਿਚ ਕੀਤੀਆਂ ਹੱਤਿਆਵਾਂ ਏਜੰਟਾਂ ਦੀ ਮਨਮਾਨੀ ਸੀ ਅਤੇ ਭਾਰਤ ਸਰਕਾਰ ਦੀ ਇਸ ਵਿਚ ਭੂਮਿਕਾ ਨਹੀਂ ਸੀ। ਹਾਲਾਂਕਿ ਭਾਰਤ ਸਰਕਾਰ ਅਜਿਹਾ ਹੀ ਕਹਿੰਦੀ ਰਹੀ ਹੈ।

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭਾਰਤੀ ਅਧਿਕਾਰੀ ਬਿਨਾ ਕਿਸੇ ਅਧਿਕਾਰਤ ਮਨਜ਼ੂਰੀ ਦੇ ਪੱਛਮੀ ਦੇਸ਼ਾਂ ਵਿਚ ਇਸ ਤਰ੍ਹਾਂ ਦੀ ਕਾਰਵਾਈ ਦੀ ਹਿੰਮਤ ਨਹੀਂ ਕਰ ਸਕਦੇ। ਸੀਬੀਸੀ ਨਿਊਜ਼ ਨੇ ਪਹਿਲਾਂ ਇੱਕ ਖ਼ਬਰ ਛਾਪੀ ਸੀ ਕਿ ਕੈਨੇਡਾ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਗੱਲਬਾਤ ਮੌਜੂਦ ਹੈ ਜਿਹੜੀ ਉਨ੍ਹਾਂ ਨੇ ਇਸ ਜਾਂਚ ਦੌਰਾਨ ਜੁਟਾਈ ਹੈ।

ਇਹ ਗ੍ਰਿਫ਼ਤਾਰੀਆਂ ਉਦੋਂ ਹੋਈਆਂ ਹਨ, ਜਦੋਂ ਭਾਰਤ ਵਿਚ ਸੰਸਦੀ ਚੋਣਾਂ ਹੋ ਰਹੀਆਂ ਹਨ, ਜਿਸ ਦੇ ਨਤੀਜੇ 4 ਜੂਨ ਨੂੰ ਆਉਣੇ ਹਨ। 

ਇਵੈਨ ਡਾਇਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ